ਜੀ ਨੈੱਟਵਰਕ 10 ਫਰਵਰੀ (ਬਿਊਰੋ) : ਕੈਮਰੇ ਸਾਹਮਣੇ ਖੜ੍ਹੇ ਇਸ ਸ਼ਖਸ ਨੂੰ ਕਿਸੇ ਧਾਰਮਿਕ ਅਸਥਾਨ ਤੇ ਸੇਵਾ ਕਰਨੀਂ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਪਰਿਵਾਰ ਦੀ ਗੈਰ ਮੌਜੂਦਗੀ ਵਿੱਚ ਚੋਰਾਂ ਨੇ ਉਸਦਾ ਘਰ ਲੁੱਟ ਕੇ ਵਿਹਲਾ ਕਰ ਦਿੱਤਾ। ਆਪਣੀ ਫ਼ਰਿਆਦ ਸੁਣਾਉਂਦੇ ਹੋਏ ਪੀੜਤ ਸੁਰਿੰਦਰ ਸਿੰਘ ਵਾਸੀ ਪਿੰਡ ਮੰਡੇਰ ਬੇਟ ਜਿਲਾ ਕਪੂਰਥਲਾ ਨੇ ਦੱਸਿਆ ਕਿ7, 8 ਜਨਵਰੀ ਦੀ ਦਰਮਿਆਨੀ ਰਾਤ ਉਹ ਮੀਆਂ ਬੀਵੀ ਇਕ ਧਾਰਮਿਕ ਸਥਾਨ ਤੇ ਕੁੱਝ ਦਿਨ ਸੇਵਾ ਨਿਭਾਉਣ ਲਈ ਗਏ ਹੋਏ ਸਨ ਤਾਂ ਪਿੱਛੋਂ ਚੋਰਾਂ ਵਲੋਂ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾ ਕੇ 10 ਤੋਲੇਂ ਸੋਨਾ ਤੇ 50 ਹਜ਼ਾਰ ਰੁਪਏ ਨਗਦੀ ਦੀ ਚੋਰੀ ਅਣਪਛਾਤੇ ਵਿਅਕਤੀਆਂ ਵੱਲੋਂ ਕਰ ਲਈ ਗਈ ਸੀ।
ਉਸ ਵੇਲੇ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੂੰ ਪਰਿਵਾਰ ਨੇ ਕੁੱਝ ਸੀ ਸੀ ਟੀ ਵੀ ਤਸਵੀਰਾਂ ਮੁਹੱਈਆ ਕਰਵਾਉਂਦਿਆਂ ਪਿੰਡ ਦੇ ਇੱਕ ਨੌਜਵਾਨ ਦੀ ਪਹਿਚਾਣ ਦੋਸ਼ੀ ਵਿਅਕਤੀ ਵਜੋਂ ਦੱਸੀ ਸੀ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਉਸਨੂੰ ਜ਼ਲਦ ਹੱਲ ਕਰਨ ਦਾ ਵਿਸ਼ਵਾਸ ਦੁਆਇਆ ਗਿਆ ਸੀ ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹ ਲਗਾਤਾਰ ਵੱਖ ਵੱਖ ਥਾਣਿਆਂ ਦੇ ਚੱਕਰ ਕੱਟ ਰਿਹਾ ਹੈ।
ਪੀੜਤ ਨੇ ਦਾਅਵੇ ਨਾਲ ਕਿਹਾ ਕਿ ਸੀ ਸੀ ਟੀ ਵੀ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਇਸ ਘਟਨਾਂ ਲਈ ਜ਼ੁੰਮੇਵਾਰ ਹੈ। ਉਸ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਰ ਵਾਰ ਵਾਰ ਪੁਲਿਸ ਨੂੰ ਇਹ ਜਾਣਕਾਰੀ ਦੇਣ ਦੇ ਬਾਵਜੂਦ ਪੁਲਿਸ ਉਸ ਵਿਅਕਤੀ ਤੇ ਕਾਰਵਾਈ ਨਹੀਂ ਕਰ ਰਹੀ।