ਜਲੰਧਰ 8 ਅਕਤੂਬਰ (ਬਿਊਰੋ) : ਜਲੰਧਰ ਵਿੱਚ 1928 ਤੋਂ ਆਰੰਭੇ 95ਵੇ ਨਗਰ ਕੀਰਤਨ ਚ ਸੁਸ਼ੋਭਿਤ ਪਾਲਕੀ ਸਾਹਿਬ ਤੇ ਚਵਰ ਦੀ ਸੇਵਾ ਸ਼੍ਰੀ ਮਾਨ 108 ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲੇ ਨਿਭਾਉਣਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਏ ਜਾ ਰਹੇ ਨਗਰ ਕੀਰਤਨ ਸੰਬੰਧੀ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦਾ ਇਕ ਵਫ਼ਦ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਸਹਿਤ ਨਿਰਮਲ ਕੁਟੀਆ ਜੌਹਲਾਂ ਪੁੱਜਾ। ਜਿੱਥੇ ਸ਼੍ਰੀ ਮਾਨ 108 ਸੰਤ ਬਾਬਾ ਜੀਤ ਸਿੰਘ ਜੀ ਨੇ ਨਗਰ ਕੀਰਤਨ ਵਿੱਚ ਸੰਗਤਾਂ ਸਹਿਤ ਸ਼ਾਮਿਲ ਹੋਣ ਦੀ ਬੇਨਤੀ ਨੂੰ ਪ੍ਰਵਾਨਗੀ ਦਿੱਤੀ।
ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਨਗਰ ਕੀਰਤਨ ਪੁਰਾਤਨ ਰੂਟ ਤੇ 25 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਪੁਰਾਤਨ ਰੂਟ ਤੇ ਸਜਾਇਆ ਜਾਵੇਗਾ ਅਤੇ ਸ਼ਹਿਰ ਦੀ ਪ੍ਰਕਰਮਾ ਕਰਨ ਉਪਰੰਤ ਰਾਤ ਨੂੰ 8 ਵਜੇ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਨੇ ਸੰਗਤਾਂ ਨੂੰ ਸੋਸ਼ਲ ਮੀਡੀਆ ਤੇ ਪ੍ਰਚਾਰ ਦੀ ਪੁਰਜੋਰ ਅਪੀਲ ਕੀਤੀ ਤਾਂ ਜੌ ਨਗਰ ਕੀਰਤਨ ਵਾਲੇ ਦਿਨ ਹਰ ਗੁਰੂ ਨਾਨਕ ਨਾਮ ਲੇਵਾ ਸੰਗਤ ਸ਼ਾਮਿਲ ਹੋ ਕੇ ਗੁਰੂ ਜਸ ਗਾਇਨ ਕਰ ਸਕੇ।
ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਮੀਤ ਪ੍ਰਧਾਨ ਸੁਰਿੰਦਰ ਸਿੰਘ ਵਿਰਦੀ, ਦਵਿੰਦਰ ਸਿੰਘ ਰਿਆਤ, ਗੁਰਿੰਦਰ ਸਿੰਘ ਮਝੈਲ, ਹਰਜੋਤ ਸਿੰਘ ਲੱਕੀ, ਨਿਰਮਲ ਸਿੰਘ ਬੇਦੀ, ਭੁਪਿੰਦਰਪਾਲ ਸਿੰਘ ਖਾਲਸਾ, ਬਾਵਾ ਗਾਬਾ, ਜੋਗਿੰਦਰ ਸਿੰਘ, ਗੁਰਜੀਤ ਸਿੰਘ ਟੱਕਰ, ਪ੍ਰਤਾਪ ਸਿੰਘ, ਹਰਵਿੰਦਰ ਸਿੰਘ ਮੱਖਣ ਅਤੇ ਜਸਕੀਰਤ ਸਿੰਘ ਜੱਸੀ ਸ਼ਾਮਿਲ ਸਨ।