ਜਲੰਧਰ, 30 ਅਪ੍ਰੈਲ (ਬਿਊਰੋ) : ਜਲੰਧਰ ਲੋਕ ਸਭਾ ਹਲਕੇ ਦੀਆਂ ਮਹਿਲਾ ਵੋਟਰਾਂ ਨੂੰ 10 ਮਈ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦਾ ਸੱਦਾ ਦਿੰਦਿਆਂ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਐਤਵਾਰ ਨੂੰ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਵੱਡੀ ਸਿਆਸੀ ਪਾਰਟੀ ਨੇ ਜਲੰਧਰ ਤੋਂ ਕਿਸੇ ਮਹਿਲਾ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ ਅਤੇ ਜਲੰਧਰ ਦੀਆਂ ਔਰਤਾਂ ਜ਼ਿਮਨੀ ਚੋਣ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਰਿਕਾਰਡ ਕਾਇਮ ਕਰਨ।
ਉਨ੍ਹਾਂ ਜਲੰਧਰ ਛਾਉਣੀ ਅਤੇ ਜਲੰਧਰ ਕੇਂਦਰੀ ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਹਰ ਔਰਤ ਨੂੰ ਪੋਲਿੰਗ ਵਾਲੇ ਦਿਨ ਆਪੋ-ਆਪਣੇ ਬੂਥਾਂ ‘ਤੇ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਇੱਕ ਔਰਤ ਨੂੰ ਜਲੰਧਰ ਸੰਸਦੀ ਹਲਕੇ ਤੋਂ ਚੋਣ ਲੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਇਹ ਇਤਿਹਾਸ ਰਚਣ ਦਾ ਸੁਨਹਿਰੀ ਮੌਕਾ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਲੰਧਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਅਤੇ ਜਲੰਧਰ ਛਾਉਣੀ ਵਿਧਾਇਕ ਪਰਗਟ ਸਿੰਘ ਨਾਲ ਵੱਖ ਵੱਖ ਮੀਟਿੰਗਾਂ ਵਿੱਚ ਹਾਜ਼ਰੀ ਲਗਵਾਉਂਦਿਆਂ ਕਰਮਜੀਤ ਚੌਧਰੀ ਨੇ ਕਿਹਾ ਕਿ ਸਮਾਜ ਦੀ ਤਰੱਕੀ ਵਿੱਚ ਔਰਤਾਂ ਦਾ ਬਰਾਬਰ ਦਾ ਯੋਗਦਾਨ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਹਰ ਜਨਤਕ ਖੇਤਰ ਵਿੱਚ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਨਾਰੀ ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਜਨਤਕ ਅਦਾਰਿਆਂ ਦਾ ਹਿੱਸਾ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।
ਉਹਨਾਂ ਆਖਿਆ, “ਮਹਿਲਾ ਸਸ਼ਕਤੀਕਰਨ ਕਾਂਗਰਸ ਪਾਰਟੀ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਰਿਹਾ ਹੈ। ਕਾਂਗਰਸ ਪਾਰਟੀ ਨੇ ਵੱਖ ਵੱਖ ਕਰਾਜਕਾਲਾਂ ਦੌਰਾਨ ਔਰਤਾਂ ਦੀ ਸਿੱਖਿਆ ਅਤੇ ਰੁਜ਼ਗਾਰ ਲਈ ਕਈ ਨੀਤੀਆਂ ਲਾਗੂ ਕੀਤੀਆਂ ਹਨ। ਚੁਣੀਆਂ ਅਤੇ ਜਨਤਕ ਸੰਸਥਾਵਾਂ ਵਿੱਚ ਔਰਤਾਂ ਦੀ ਨੁਮਾਇੰਦਗੀ ਵਧਾਉਣ ਲਈ ਕਾਂਗਰਸ ਨੇ ਪੰਚਾਇਤਾਂ, ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ, ਨਗਰ ਕੌਂਸਲਾਂ ਆਦਿ ਵਿੱਚ ਔਰਤਾਂ ਨੂੰ ਰਾਖਵਾਂਕਰਨ ਦੇਣ ਲਈ ਕਾਨੂੰਨ ਬਣਾਏ। ਕਾਂਗਰਸ ਨੇ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਵੀ ਔਰਤਾਂ ਵਾਸਤੇ 33% ਸੀਟਾਂ ਰਾਖਵੀਆਂ ਰੱਖਣ ਦੀ ਵਕਾਲਤ ਕੀਤੀ ਹੈ।”
ਕਰਮਜੀਤ ਚੌਧਰੀ ਨੇ ਕਿਹਾ ਕਿ ਉਹ ਜਲੰਧਰ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਉਣ ਵਾਸਤੇ ਇੱਕ ਸਾਲ ਹੀ ਨਹੀਂ ਸਗੋਂ ਆਪਣੇ ਆਖਰੀ ਸਾਹ ਤੱਕ ਅਣਥੱਕ ਮਿਹਨਤ ਕਰਨ ਲਈ ਵਚਨਬੱਧ ਹਨ। ਉਹਨਾਂ ਆਖਿਆ, “ਸਿੱਖਿਆ ਅਤੇ ਨਾਰੀ ਸਸ਼ਕਤੀਕਰਨ ‘ਤੇ ਵਿਸ਼ੇਸ਼ ਧਿਆਨ ਦੇਣ ਤੋਂ ਇਲਾਵਾ ਮੈਂ ਹਲਕੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਤੇ ਆਧੁਨਿਕ ਬਣਾਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਉਣ ਲਈ ਵੀ ਕੰਮ ਕਰਾਂਗੀ। ਮੈਂ ਹਲਕੇ ਵਿੱਚ ਸਿਹਤ ਸਹੂਲਤਾਂ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਵੀ ਪੂਰੀ ਕੋਸ਼ਿਸ਼ ਕਰਾਂਗੀ।