ਜਲੰਧਰ, 4 ਅਕਤੂਬਰ (ਬਿਊਰੋ) : ਇਹ ਬੇਹੱਦ ਚਿੰਤਾ ਤੇ ਫ਼ਿਕਰ ਵਾਲੀ ਗੱਲ ਹੈ ਕਿ ਦੇਸ਼ ਵਿਚ ਪ੍ਰੈੱਸ ਦੀ ਆਜ਼ਾਦੀ ਲਈ ਗੰਭੀਰ ਖ਼ਤਰੇ ਉੱਭਰ ਰਹੇ ਹਨ। ਬੀਤੇ ਦਿਨ ਨਵੀਂ ਦਿੱਲੀ ਵਿਚ ‘ਨਿਊਜ਼ ਕਲਿੱਕ’ ਨਿਊਜ਼ ਪੋਰਟਲ ਨਾਲ ਸੰਬੰਧਿਤ ਪੱਤਰਕਾਰਾਂ ਦੇ ਖਿਲਾਫ਼ ਦਿੱਲੀ ਪੁਲਿਸ ਵਲੋਂ ਯੂ.ਏ.ਪੀ.ਏ. ਅਤੇ ਹੋਰ ਸੰਗੀਨ ਕਾਨੂੰਨਾਂ ਅਧੀਨ ਕੀਤੀ ਗਈ ਕਾਰਵਾਈ ਨੂੰ ਇਸੇ ਸੰਦਰਭ ਵਿਚ ਦੇਖਿਆ ਜਾ ਸਕਦਾ ਹੈ। ਦਿੱਲੀ ਪੁਲਿਸ ‘ਨਿਊਜ਼ ਕਲਿੱਕ’ ਦੇ ਬਾਨੀ ਪ੍ਰਬੀਰ ਪਰਕਾਇਸਥ ਅਤੇ ਕੁਝ ਹੋਰ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਿੱਧੇ-ਅਸਿੱਧੇ ਢੰਗ ਨਾਲ ‘ਨਿਊਜ਼ ਕਲਿੱਕ’ ਨਾਲ ਸੰਬੰਧਿਤ ਸੀਨੀਅਰ ਪੱਤਰਕਾਰਾਂ ਨੂੰ ਦਿੱਲੀ ਦੇ ਸਪੈਸ਼ਲ ਸੈੱਲ ਵਿਚ ਲਿਜਾ ਕੇ ਸਖ਼ਤ ਪੁੱਛਗਿੱਛ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਲੈਪਟੋਪ ਅਤੇ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਹਨ। ਜਿਨ੍ਹਾਂ ਸੀਨੀਅਰ ਪੱਤਰਕਾਰਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ ਹੈ, ਉਨ੍ਹਾਂ ਵਿਚ ਭਾਸ਼ਾ ਸਿੰਘ, ਉਰਮਲੇਸ਼, ਪ੍ਰੋਜਯ ਠਾਕੁਰਤਾ, ਅਭੀਸਾਰ ਸ਼ਰਮਾ, ਔਨੰਨਿਦਿਓ ਚੱਕਰਵਰਤੀ ਅਤੇ ਇਤਿਹਾਸਕਾਰ ਸੁਹੇਲ ਹਾਸ਼ਮੀ ਆਦਿ ਸ਼ਾਮਿਲ ਹਨ।
ਮੀਡੀਆ ਕਰਮੀਆਂ ‘ਤੇ ਦਿੱਲੀ ਪੁਲਿਸ ਵਲੋਂ ਕੀਤੀ ਗਈ ਇਸ ਕਾਰਵਾਈ ਦੀ ਅਸੀਂ ਸਖ਼ਤ ਆਲੋਚਨਾ ਕਰਦੇ ਹਾਂ ਅਤੇ ਕੇਂਦਰ ਸਰਕਾਰ ਨੂੰ ਪ੍ਰੈੱਸ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਪ੍ਰੈੱਸ ਕਲੱਬ ਵਿਖੇ ਜਲੰਧਰ ਦੇ ਪੱਤਰਕਾਰਾਂ ਦੀ ਹੋਈ ਹੰਗਾਮੀ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਿਚ ਸ਼ਾਮਿਲ ਹੋਏ ਪੱਤਰਕਾਰਾਂ ਨੇ ਕਿਹਾ ਕਿ ਦੇਸ਼ ਵਿਚ ਪ੍ਰੈੱਸ ਦੀ ਆਜ਼ਾਦੀ ਲਗਾਤਾਰ ਸੁੰਘੜਦੀ ਜਾ ਰਹੀ ਹੈ। ਆਜ਼ਾਦ ਅਤੇ ਨਿਰਪੱਖ ਢੰਗ ਨਾਲ ਕੰਮ ਕਰਨ ਵਾਲੇ ਮੀਡੀਆ ਅਦਾਰਿਆਂ ਅਤੇ ਮੀਡੀਆ ਕਰਮੀਆਂ ਨੂੰ ਸਰਕਾਰੀ ਅਤੇ ਗ਼ੈਰ ਸਰਕਾਰੀ ਧਿਰਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਵੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਦੇ ਇਸ਼ਤਿਹਾਰ ਬੰਦ ਕਰਕੇ ਉਨ੍ਹਾਂ ਨੂੰ ਆਰਥਿਕ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਨੇਕਾਂ ਵੈੱਬ ਚੈਨਲਾਂ ਨੂੰ ਆਫ਼ਲਾਈਨ ਵੀ ਕੀਤਾ ਗਿਆ ਹੈ। ਆਰ. ਟੀ. ਆਈ. ਕਾਰਕੁੰਨਾਂ ਨੂੰ ਵੀ ਧਮਕਾਇਆ ਜਾ ਰਿਹਾ ਹੈ। ਇਸੇ ਕਾਰਨ 2023 ਵਿਚ ‘ਰਿਪੋਰਟਰਜ਼ ਵਿਦਾਊਟ ਬੋਰਡਰਜ਼’ ਨਾਂਅ ਦੀ ਕੌਮਾਂਤਰੀ ਸੰਸਥਾ ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਿਕ 180 ਦੇਸ਼ਾਂ ਵਿਚੋਂ ਭਾਰਤ ਦਾ ਪ੍ਰੈੱਸ ਦੀ ਅਜ਼ਾਦੀ ਦਾ ਇੰਡੈਕਸ ਡਿੱਗ ਕੇ 161 ਹੋ ਗਿਆ ਹੈ। ਜਦੋਂ ਕਿ 2022 ਵਿਚ ਭਾਰਤ 150ਵੇਂ ਨੰਬਰ ‘ਤੇ ਸੀ।
ਉਕਤ ਮੀਟਿੰਗ ਵਿਚ ਸ਼ਾਮਿਲ ਪੱਤਰਕਾਰਾਂ ਨੇ ਕਿਹਾ ਕਿ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ‘ਨਿਊਜ਼ ਕਲਿੱਕ’ ਨਿਊਜ਼ ਪੋਰਟਲ ਵਿਰੁੱਧ ਦਿੱਲੀ ਪੁਲਿਸ ਦੀ ਕਾਰਵਾਈ ਦਾ ਐਡੀਟਰਜ਼ ਗਿਲਡ ਤੇ ਪ੍ਰੈੱਸ ਕਲੱਬ ਆਫ ਇੰਡੀਆ ਨੇ ਗੰਭੀਰ ਨੋਟਿਸ ਲਿਆ ਹੈ। ਵਿਰੋਧੀ ਪਾਰਟੀਆਂ ਵਲੋਂ ਵੀ ਆਲੋਚਨਾ ਕੀਤੀ ਗਈ ਹੈ। ਪੰਜਾਬ ਦੇ ਸਮੂਹ ਮੀਡੀਆ ਕਰਮੀਆਂ, ਅਦਾਰਿਆਂ ਤੇ ਜਾਗਰੂਕ ਨਾਗਰਿਕਾਂ ਨੂੰ ਵੀ ਪ੍ਰੈੱਸ ਦੀ ਆਜ਼ਾਦੀ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਤੋਂ ਇਲਾਵਾ ਪੱਤਰਕਾਰ ਰਾਜੇਸ਼ ਥਾਪਾ, ਮੇਹਰ ਮਲਿਕ, ਰਾਕੇਸ਼ ਸੂਰੀ, ਸੁਕਰਾਂਤ ਸਫ਼ਰੀ, ਪ੍ਰਦੀਪ ਵਰਮਾ, ਮਜ਼ਹਰ ਆਲਮ ਆਦਿ ਵਲੋਂ ਵੀ ਅਪਣੇ ਵਿਚਾਰ ਪ੍ਰਗਟ ਕੀਤੇ ਗਏ। ਉਕਤ ਮੀਟਿੰਗ ਵਿਚ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ, ਧਰਮਿੰਦਰ ਸੋਂਧੀ, ਰਾਜੂ ਗੁਪਤਾ, ਰਮੇਸ਼ ਗਾਬਾ, ਹਰਵਿੰਦਰ ਸਿੰਘ ਫੁੱਲ, ਨਿਸ਼ਾ ਸ਼ਰਮਾ, ਮਨਜੀਤ ਸ਼ਿਮਾਰੂ, ਕਰਨ ਲੂਥਰਾ, ਜਤਿੰਦਰ ਸ਼ਰਮਾ, ਜਸਬੀਰ ਸਿੰਘ ਸੋਢੀ, ਪਵਨ, ਰਾਕੇਸ਼ ਬੋਬੀ, ਵਿਕਰਮ ਵਿੱਕੀ, ਡੇਵਿਡ, ਰਾਜੇਸ਼ ਸ਼ਰਮਾ ਟਿੰਕੂ, ਸੰਨੀ ਭਗਤ, ਮਹਿੰਦਰ ਰਾਮ ਫੁਗਲਾਣਾ, ਵਿਜੇ ਅਟਵਾਲ, ਦਵਿੰਦਰ ਕੁਮਾਰ, ਅਮਰਜੀਤ ਲਵਲਾ, ਅਮਨ ਅਤੇ ਹੋਰ ਵੀ ਕਈ ਮੀਡੀਆ ਕਰਮੀ ਆਦਿ ਹਾਜ਼ਰ ਸਨ।